ਪਿੱਛੇ ਜਿਹੇ, ਮੈਂ ਆਪਣੇ ਸੱਤ ਸਾਲਾ ਪੁੱਤਰ ਤੇ ਉਸ ਦੇ ਪੱਕੇ ਮਿੱਤਰ ਵੱਲੋਂ ਗਿਰਵੀ ਰੱਖੀਆਂ ਸੰਪਤੀਆਂ ਬਾਰੇ ਕੀਤੀ ਜਾ ਰਹੀ ਗੱਲਬਾਤ ਸੁਣੀ।

ਉਸ ਨੇ ਕਿਹਾ,‘‘ਲੋਕਾਂ ਨੂੰ ਸੰਪਤੀਆਂ ਗਿਰਵੀ ਰੱਖਣੀਆਂ ਪੈਂਦੀਆਂ ਹਨ ਕਿਉਂਕਿ ਉਨ੍ਹਾਂ ਕੋਲ ਕੋਈ ਮਕਾਨ ਖ਼ਰੀਦਣ ਲਈ ਲੋੜੀਂਦਾ ਧਨ ਨਹੀਂ ਹੁੰਦਾ।’’

ਉਸ ਦੇ ਦੋਸਤ ਨੇ ਤੁਰੰਤ ਜਵਾਬ ਦਿੱਤਾ,‘‘ਮਕਾਨ ਖ਼ਰੀਦਣ ਲਈ ਬਹੁਤ ਸਾਰੇ ਧਨ ਦੀ ਲੋੜ ਪੈਂਦੀ ਹੈ।’’

‘‘ਹਾਂ,’’ ਮੇਰੇ ਪੁੱਤਰ ਨੇ ਕਿਹਾ,‘‘ਜਿਵੇਂ ਇੱਕ ਮਕਾਨ ਦੀ ਲਾਗਤ ਇੱਕ ਹਜ਼ਾਰ ਡਾਲਰ ਹੋ ਸਕਦੀ ਹੈ।’’

ਮੈਂ ਖ਼ੁਸ਼ ਹੋ ਗਈ ਸਾਂ। ਮੈਨੂੰ ਮਾਣ ਵੀ ਮਹਿਸੂਸ ਹੋ ਰਿਹਾ ਸੀ ਕਿ ਮੇਰਾ ਪੁੱਤਰ ਅਜਿਹੀਆਂ ਕੁੱਝ ਵਿੱਤੀ ਧਾਰਨਾਵਾਂ ਨੂੰ ਸਮਝ ਰਿਹਾ ਹੈ, ਜੋ ਮੈਂ ਉਸ ਨੂੰ ਸਿਖਾਉਣਾ ਚਾਹ ਰਹੀ ਹਾਂ ਅਤੇ ਫਿਰ ਮੈਨੂੰ ਚਿੰਤਾ ਵੀ ਹੋਈ ਕਿ ਹਾਲੇ ਉਸ ਵੱਲੋਂ ਬਹੁਤ ਕੁੱਝ ਸਿੱਖਣਾ ਬਾਕੀ ਹੈ। ਬਹੁਤੇ ਮਾਪਿਆਂ ਵਾਂਗ, ਮੈਂ ਬੱਚਿਆਂ ਨੂੰ ਵਿੱਤੀ ਤੌਰ ਉਤੇ ਸਮਝਦਾਰ ਬਣਾਉਣਾ ਚਾਹੁੰਦੀ ਹਾਂ।

ਇਸ ਲਈ, ਮੈਂ ਤਿੰਨ ਮਾਹਿਰਾਂ ਦੀ ਰਾਇ ਲਈ ਕਿ ਬੱਚਿਆਂ ਨੂੰ ਧਨ ਬਾਰੇ ਕਿਵੇਂ ਸਿਖਾਉਣਾ ਚਾਹੀਦਾ ਹੈ।

ਕਥਨੀਨੂੰ ਕਰਨੀਵਿੱਚ ਬਦਲੋ। ਹਰ ਵਾਰ ਜਦੋਂ ਵੀ ਅਸੀਂ ਆਪਣੇ ਬਟੂਏ ਜੇਬ ’ਚੋਂ ਬਾਹਰ ਕਢਦੇ ਹਾਂ (ਜਾਂ ਬਾਹਰ ਨਾ ਕੱਢਣ ਦਾ ਵਿਕਲਪ ਚੁਣਦੇ ਹਾਂ), ਤਾਂ ਅਸੀਂ ਆਪਣੀਆਂ ਕਦਰਾਂ-ਕੀਮਤਾਂ ਬਾਰੇ ਆਪਣੇ ਬੱਚਿਆਂ ਨੂੰ ਦੱਸ ਰਹੇ ਹੁੰਦੇ ਹਾਂ। ਇਸੇ ਲਈ, ਆਪਣੇ ਬੱਚਿਆਂ ਨਾਲ ਧਨ ਬਾਰੇ ਕੋਈ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ, ਇਹ ਯਕੀਨੀ ਬਣਾਓ ਕਿ ਤੁਹਾਡੇ ਕਾਰਜ ਪੂਰੀ ਤਰ੍ਹਾਂ ਤੁਹਾਡੀਆਂ ਕਦਰਾਂ-ਕੀਮਤਾਂ ਦੇ ਮੁਤਾਬਕ ਹੀ ਹੋਣ; ਇਹ ਪ੍ਰਗਟਾਵਾ ਦੋ ਬੱਚਿਆਂ ਦੀ ਮਾਂ ਅਤੇ ਸਰੀ, ਬ੍ਰਿਟਿਸ਼ ਕੋਲੰਬੀਆ ਵਿਖੇ ਸਥਿਤ ਨੈਸ਼ਨਲ ਬੈਂਕ ’ਚ ‘ਸ਼ਿਊਫ਼ੈਲਟ ਮੈਕਮਿਲਨ’ ਸਮੂਹ ਦੇ ਵਿੱਤੀ ਸਲਾਹਕਾਰ ਕੈਰੋਲੀਨ ਹੰਨਾ ਨੇ ਕੀਤਾ।

ਉਦਾਹਰਣ ਵਜੋਂ, ਆਪਣੇ ਪਰਿਵਾਰ ਵਿੱਚ ਅਸੀਂ ਸਿੱਖਿਆ ਨੂੰ ਬਹੁਤ ਮਹੱਤਵ ਦਿੰਦੇ ਹਾਂ। ਇਸੇ ਲਈ, ਮੈਂ ਆਪਣੇ ਬੱਚਿਆਂ ਨੂੰ ਆਰ.ਈ.ਐਸ.ਪੀਜ਼ ਦੀ ਧਾਰਨਾ ਦੀ ਵਿਆਖਿਆ ਕਰਦੀ ਹਾਂ, ਅਤੇ ਇਹ ਕਿ ਉਨ੍ਹਾਂ ਦੇ ਦਾਦਾ-ਦਾਦੀ ਤੇ ਨਾਨਾ-ਨਾਨੀ (ਗ੍ਰੈਂਡ-ਪੇਰੈਂਟਸ) ਅਤੇ ਮੈਂ ਹਰ ਮਹੀਨੇ ਕਿਵੇਂ ਉਨ੍ਹਾਂ ਦੀ ਸਿੱਖਿਆ ਲਈ ਫ਼ੰਡ ਦਿੰਦੇ ਹਾਂ।

ਇਸ ਬਾਰੇ ਗੱਲ ਕਰੋ। ਨਿਵੇਸ਼ ਪ੍ਰਬੰਧਕਾਂ ਟੀ. ਰੋਵੇ ਪ੍ਰਾਈਸ ਵੱਲੋਂ ਕੀਤੇ ਗਏ ਇੱਕ ਸਰਵੇਖਣ ਅਨੁਸਾਰ, ਕੇਵਲ 28 ਫ਼ੀ ਸਦੀ ਮਾਪੇ ਹੀ ਆਪਣੇ ਬੱਚਿਆਂ ਨਾਲ ਧਨ ਬਾਰੇ ਗੱਲਬਾਤ ਕਰਦੇ ਹਨ, ਉਹ ਜ਼ਿਆਦਾਤਰ ਇਹ ਸੋਚ ਕੇ ਅਜਿਹਾ ਕਰਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਚਿੰਤਾਵਾਂ ਵਿੱਚ ਨਹੀਂ ਪਾਉਣਾ ਚਾਹੁੰਦੇ।

ਚਾਰ ਬੱਚਿਆਂ ਦੇ ਪਿਤਾ ਅਤੇ ਪਰਚੇਜ਼, ਨਿਊ ਯਾਰਕ ਵਿਖੇ ਸਥਿਤ ਮੌਰਗਨ ਸਟੈਨਲੇ ’ਚ ‘ਫ਼ੈਮਿਲੀ ਗਵਰਨੈਂਸ ਐਂਡ ਡਾਇਨਾਮਿਕਸ ਐਂਡ ਵੈਲਥ ਪਲੈਨਿੰਗ ਸੈਂਟਰਜ਼’ ਦੇ ਮੁਖੀ ਸ੍ਰੀ ਗਲੇਨ ਕਰਲੈਂਡਰ ਨੇ ਕਿਹਾ ਕਿ ਪਰ ਜਦੋਂ ਅਸੀਂ ਵਿੱਤੀ ਮਾਮਲਿਆਂ ਬਾਰੇ ਚੁੱਪ ਰਹਿੰਦੇ ਹਾਂ, ਤਾਂ ਅਸੀਂ ਬੱਚਿਆਂ ਨੂੰ ਇਹ ਸਿਖਾ ਰਹੇ ਹੋ ਸਕਦੇ ਹਾਂ ਕਿ ਧਨ ਤਾਂ ਬੇਸ਼ੱਕ ਖ਼ਤਰਨਾਕ ਜਾਂ ਡਰਾਉਣਾ ਹੁੰਦਾ ਹੈ। ਅਤੇ ਦੌਲਤ ਨਾਲ ਇਹ ਕੋਈ ਤੰਦਰੁਸਤ ਸਬੰਧ ਬਣਾਉਣ ਦਾ ਕੋਈ ਵਧੀਆ ਢੰਗ ਨਹੀਂ ਹੈ।

ਇੱਕ ਪਿਤਾ ਅਤੇ ‘ਨਿਊ ਯਾਰਕ ਟਾਈਮਜ਼’ ਵਿੱਚ ਧਨ ਦੇ ਮਾਮਲਿਆਂ ਬਾਰੇ ਕਾਲਮ-ਨਵੀਸ ਰੌਨ ਲੀਬਰ ਨੇ ਸੁਆਲ ਕੀਤਾ ਕਿ ਪਰ ਸਾਨੂੰ ਕਿੰਨੀ ਕੁ ਗੱਲ ਧਨ ਬਾਰੇ ਕਰਨੀ ਚਾਹੀਦੀ ਹੈ? ‘‘ਅਜਿਹਾ ਕੁੱਝ ਵੀ ਨਹੀਂ ਕਿ ਧਨ ਬਾਰੇ ਪੁੱਛਿਆ ਕੋਈ ਸੁਆਲ ਗ਼ੈਰ-ਵਾਜਬ ਹੈ, ਪਰ ਹਾਂ ਕੁੱਝ ਪ੍ਰਸ਼ਨਾਂ ਲਈ ਕੁੱਝ ਗ਼ੈਰ-ਵਾਜਬ ਛਿਣ ਜ਼ਰੂਰ ਹੋ ਸਕਦੇ ਹਨ।’’

ਇਸੇ ਲਈ ਬੱਚਿਆਂ ਨੂੰ ਇਹ ਜਾਣਨ ਦੀ ਲੋੜ ਹੈ ਕਿ ‘‘ਮੰਮੀ, ਤੁਹਾਨੂੰ ਆਪਣੀ ਨੌਕਰੀ ਲਈ ਕਿੰਨੀ ਤਨਖ਼ਾਹ ਮਿਲਦੀ ਹੈ?’’ ਪਰ ਇਹ ਪ੍ਰਸ਼ਨ ਸ਼ੁਕਰਾਨੇ ਲਈ ਦਿੱਤੇ ਖਾਣੇ ਸਮੇਂ ਇਕੱਠੇ ਹੋਏ ਲੋਕਾਂ ਦੀ ਭੀੜ ਵਿੱਚ ਵੀ ਕਰਨ ਵਾਲਾ ਨਹੀਂ ਹੈ। ਅਜਿਹੀ ਕਿਸਮ ਦੀ ਜਾਣਕਾਰੀ ਬਾਰੇ ਵਿਚਾਰ-ਚਰਚਾ ਆਪਣੇ ਸਕੇ ਪਰਿਵਾਰਕ ਮੈਂਬਰਾਂ ਨਾਲ ਨਿਜੀ ਤੌਰ ਉਤੇ ਕਰਨੀ ਹੀ ਵਧੀਆ ਰਹਿੰਦੀ ਹੈ।

ਫਿਰ ਵੀ, ਆਪਣੇ ਬੱਚਿਆਂ ਨੂੰ ਇਹ ਸਭ ਕੁੱਝ ਸਹੀ-ਸਹੀ ਦੱਸਣ ਦਾ ਵਿਚਾਰ ਹੀ ਕੁੱਝ ਮਾਪਿਆਂ ਨੂੰ ਨਾਜ਼ੁਕ-ਮਿਜ਼ਾਜ ਬਣਾ ਦਿੰਦਾ ਹੈ ਕਿ ਅਸੀਂ ਕਿੰਨਾ ਧਨ ਕਮਾਉਂਦੇ ਹਾਂ। ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲਾਂ ਖ਼ਰਚਿਆਂ ਦੀ ਗੱਲ ਕਰੋ। ਗੈਸੋਲੀਨ ਜਾਂ ਘਰ ਦੇ ਮੁੱਖ ਸਾਮਾਨ ਦੀ ਕੀਮਤ ਉਤੇ ਟਿੱਪਣੀ ਕਰੋ ਅਤੇ ਇਹ ਕਿ ਉਹ ਪਰਿਵਾਰ ਦੀ ਆਧਾਰ-ਰੇਖਾ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ। ਅਤੇ ਖਾਣੇ ਦੀ ਮੇਜ਼ ਦੁਆਲੇ, ਉਸ ਕਾਰ ਬਾਰੇ ਗੱਲਬਾਤ ਕਰੋ, ਜਿਸ ਨੂੰ ਖ਼ਰੀਦਣ ਬਾਰੇ ਤੁਸੀਂ ਵਿਚਾਰ ਕਰ ਰਹੇ ਹੋ, ਉਸ ਦੀ ਕਿੰਨੀ ਲਾਗਤ ਹੈ, ਅਤ ‘‘0 ਫ਼ੀ ਸਦੀ ਫ਼ਾਈਨਾਂਸਿੰਗ’’ ਦਾ ਅਸਲ ਵਿੱਚ ਕੀ ਮਤਲਬ ਹੈ?

ਬੱਚਿਆਂ ਨੂੰ ਉਪਯੋਗਤਾ (ਯੂਟਿਲਿਟੀ) ਬਿਲ ਵਿਖਾਓ ਅਤੇ ਖੁੱਲ੍ਹ ਕੇ ਦੱਸੋ ਕਿ ਇੱਕ ਘਰ-ਪਰਿਵਾਰ ਨੂੰ ਚਲਾਉਣ ਲਈ ਕਿੰਨਾ ਖ਼ਰਚਾ ਹੁੰਦਾ ਹੈ। ਇਹ ਵੀ ਦੱਸੋ ਕਿ ਉਨ੍ਹਾਂ ਦੇ ਗਰੈਂਡ-ਪੇਰੈਂਟਸ ਆਪਣੀ ਖ਼ੁਦ ਦੀ ਸਹਾਇਤਾ ਕਰਨ ਦੇ ਕਿਵੇਂ ਯੋਗ ਹਨ, ਭਾਵੇਂ ਕਿ ਉਹ ਹੁਣ ਕੋਈ ਕੰਮ ਨਹੀਂ ਕਰਦੇ, ਅਤੇ ਇਹ ਕਿ ਤੁਸੀਂ ਆਪਣੀ ਸੇਵਾ-ਮੁਕਤੀ (ਰਿਟਾਇਰਮੈਂਟ) ਲਈ ਧਨ ਕਿਵੇਂ ਰੱਖ ਰਹੇ ਹੋ।

ਉਨ੍ਹਾਂ ਨੂੰ ਇੱਕ ਭੱਤਾ ਦਿਓ, ਅਤੇ ਉਨ੍ਹਾਂ ਨੂੰ ਸਿਖਾਓ ਤੇ ਸਮਝਾਓ ਕਿ ਇਹ ਕਿਸ ਲਈ ਹੈ। ‘‘ਭੱਤਾ ਇੱਕ ਅਭਿਆਸ ਲਈ ਹੈ’’ ਲੀਬਰ ਨੇ ਕਿਹਾ,‘‘ਇਹ ਘਰ ਵਿੱਚ ਕੋਈ ਛੋਟੇ-ਮੋਟੇ ਕੰਮ ਕਰਨ ਬਦਲੇ ਕੋਈ ਤਨਖ਼ਾਹ ਜਾਂ ਇਨਾਮ ਨਹੀਂ ਹੈ।’’ ਬੱਚੇ ਕਿਸ ਲਈ ਅਭਿਆਸ ਕਰ ਰਹੇ ਹਨ? ਸ੍ਰੀ ਕਰਲੈਂਡਰ ਨੇ ਦੱਸਿਆ ਕਿ ਉਹ ਧਨ ਦੇ ਤਿੰਨ ਕਾਰਜ ਸਿੱਖ ਰਹੇ ਹਨ: ਖ਼ਰਚਣਾ, ਬੱਚਤ ਕਰਨਾ ਅਤੇ ਇਸ ਨੂੰ ਦੇਣਾ।

ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਇਹ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਆਪਣੇ ਭੱਤੇ ਰਾਹੀਂ ਕਿਹੜੇ ਖ਼ਰਚੇ ਕਰਨੇ ਹਨ, ਇਸ ਦਾ ਕਿੰਨਾ ਹਿੱਸਾ ਲੋੜ ਪੈਣ ਉਤੇ ਉਹ ਬਚਾ ਸਕਦੇ ਹਨ ਅਤੇ ਕਿੰਨਾ ਹਿੱਸਾ, ਚੈਰਿਟੀ, ਜੇ ਕੋਈ ਹੋਵੇ, ਲਈ ਰੱਖ ਸਕਦੇ ਹਨ। ਸਮੇਂ ਦੇ ਨਾਲ, ਵਧੇਰੇ ਖ਼ਰਚੇ ਅਤੇ ਜ਼ਿੰਮੇਵਾਰੀ ਉਨ੍ਹਾਂ ਨਿੱਕੇ ਬੱਚਿਆਂ ਤੇ ਗਭਰੂਆਂ ਉਤੇ ਪਾਓ।

ਹੰਨਾ ਨੇ ਦੱਸਿਆ,‘‘ਜੇ ਉਹ ਆਪਣੇ ਕੰਮ ਵਧੀਆ ਤਰੀਕੇ ਨਹੀਂ ਸੰਭਾਲ ਪਾਉਂਦੇ, ਤਾਂ ਉਨ੍ਹਾਂ ਦੀ ਮਦਦ ਲਈ ਜਾਂ ਉਨ੍ਹਾਂ ਨੂੰ ਸਮੱਸਿਆ ਵਿਚੋਂ ਬਾਹਰ ਕੱਢਣ ਲਈ ਉਨ੍ਹਾਂ ਦੇ ਭੱਤੇ ਕਦੇ ਵਧਾਓ ਨਾ।’’

ਉਦਾਹਰਣ ਵਜੋਂ, ਜੇ ਤੁਹਾਡੇ ਬੱਚੇ ਨੇ ਆਪਣੇ ਦੋਸਤ ਦੇ ਜਨਮ ਦਿਨ ਲਈ ਕੋਈ ਤੋਹਫ਼ਾ ਖ਼ਰੀਦਣਾ ਹੈ ਪਰ ਉਹ ਆਪਣੀ ਰਕਮ ਜਾਂ ਭੱਤਾ ਸਾਰਾ ਖ਼ਰਚ ਕਰ ਚੁੱਕਾ ਹੈ, ਤਾਂ ਉਸ ਨੂੰ ਆਖੋ,‘‘ਮੈਨੂੰ ਲਗਦਾ ਹੈ ਕਿ ਤੁਹਾਨੂੰ ਇਸ ਲਈ ਹੁਣ ਆਪੇ ਹੀ ਕੁੱਝ ਕਰਨਾ ਹੋਵੇਗਾ, ਜਾਂ ਕੁੱਝ ਵਾਧੂ ਧਨ ਕਮਾਉਣ ਲਈ ਕੋਈ ਰਾਹ ਲੱਭਣਾ ਹੋਵੇਗਾ।’’ ਸ੍ਰੀਮਤੀ ਹੰਨਾ ਨੇ ਕਿਹਾ ਕਿ ਅਜਿਹੀਆਂ ਗ਼ਲਤੀਆਂ ਕੁੱਝ ਸਿੱਖਣ ਦਾ ਮਹਾਨ ਮੌਕਾ ਪ੍ਰਦਾਨ ਕਰਦੀਆਂ ਹਨ ਕਿ ਉਹ ਚੁਸਤ ਵਿੱਤੀ ਫ਼ੈਸਲੇ ਲੈਣਾ ਕਿਵੇਂ ਸਿੱਖਣ।

ਜਿਵੇਂ-ਜਿਵੇਂ ਉਹ ਵੱਡੇ ਹੁੰਦੇ ਜਾਣ, ਉਨ੍ਹਾਂ ਨੂੰ ਸਭ ਕੁੱਝ ਹੋਰ ਖੁੱਲ੍ਹ ਕੇ ਦੱਸੋ। ਲੀਬਰ ਨੇ ਕਿਹਾ ਕਿ ਮਾਪਿਆਂ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਵੱਡੀ ਉਮਰ ਦੇ ਗਭਰੂਆਂ ਨੂੰ ਪਰਿਵਾਰ ਦੀ ਵਿੱਤੀ ਸਥਿਤੀ ਦੀ ਇੱਕ ਵਿਸਤ੍ਰਿਤ ਸਥਿਤੀ ਤੋਂ ਜਾਣੂ ਕਰਵਾਉਣ। ‘‘ਪਰ ਅਜਿਹਾ ਕੁੱਝ ਉਦੋਂ ਤੱਕ ਨਾ ਦੱਸੋ, ਜਦੋਂ ਤੱਕ ਕਿ ਉਹ ਇਸ ਲਈ ਤਿਆਰ ਨਾ ਹੋਣ।’’ ਇਸ ਲਈ ਉਦੋਂ ਤੱਕ ਉਡੀਕੋ, ਜਦੋਂ ਤੱਕ ਉਹ ਆਪਣੇ ਭੱਤਿਆਂ ਦਾ ਸਹੀ ਬਜਟ ਤਿਆਰ ਕਰਨਾ ਨਾ ਸਿੱਖ ਲੈਣ ਅਤੇ ਜਦੋਂ ਤੱਕ ਉਹ ਘਰੇਲੂ ਬਜਟ ਨੂੰ ਸਮਝਣਾ ਸ਼ੁਰੂ ਨਾ ਕਰ ਦੇਣ।

ਜਦੋਂ ਸ੍ਰੀ ਕਰਲੈਂਡਰ ਦੇ ਬੱਚੇ ਗਭਰੂ ਅਵਸਥਾ ਵਿੱਚ ਕਦਮ ਰੱਖ ਰਹੇ ਸਨ, ਉਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਕ੍ਰੈਡਿਟ ਕਾਰਡ ਦੀਆਂ ਮਾਸਿਕ ਸਟੇਟਮੈਂਟਸ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਦੱਸਿਆ ਕਿ ਇਹ ਬਹੁਤ ਮਹਾਨ ਮੌਕਾ ਸੀ ਕਿ ਉਨ੍ਹਾਂ ਨੂੰ ਘਰੇਲੂ ਖ਼ਰਚਿਆਂ ਬਾਰੇ ਵੱਡੇ ਪੱਧਰ ਉਤੇ ਜਾਣਕਾਰੀ ਦਿੱਤੀ ਜਾਂਦੀ ਅਤੇ ਉਹ ਉਨ੍ਹਾਂ ਨੂੰ ਇਹ ਵੀ ਸਮਝਾਉਂਦੇ ਸਨ ਕਿ ਹਰ ਮਹੀਨੇ ਕਾਰਡ ਦੀ ਬਕਾਇਆ ਰਕਮ ਅਦਾ ਕਰਨ ਦਾ ਕੀ ਮਹੱਤਵ ਹੈ।

ਸ੍ਰੀਮਤੀ ਹੰਨਾ ਨੇ ਕਿਹਾ ਕਿ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਅੱਜ ਕੱਲ੍ਹ ਦੇ ਬੱਚੇ ਇੰਟਰਨੈਟ ਵਰਤਦੇ ਹਨ। ਇੱਕ ਨਿੱਕਾ ਬੱਚਾ ਵੀ ਕੈਰੀਅਰ ਜਾਂ ਰੀਅਲ ਐਸਟੇਟ ਨਾਲ ਸਬੰਧਤ ਆੱਨਲਾਈਨ ਵੈਬਸਾਈਟਸ ਉਤੇ ਜਾ ਸਕਦਾ ਹੈ ਅਤੇ ਇਹ ਅਨੁਮਾਨ ਲਾ ਸਕਦਾ ਹੈ ਕਿ ਉਸ ਦੇ ਮਾਪਿਆਂ ਨੂੰ ਕਿੰਨੀ ਕੁ ਆਮਦਨ ਹੈ, ਜਾਂ ਖੁੱਲ੍ਹੇ ਬਾਜ਼ਾਰ ਵਿੱਚ ਉਸ ਦੇ ਘਰ ਵਿੱਚ ਕਿੰਨਾ ਕੁ ਧਨ ਆਉਣਾ ਚਾਹੀਦਾ ਹੈ। ਇਸ ਲਈ, ਗਿਣਤੀਆਂ-ਮਿਣਤੀਆਂ ਈ ਕੁੱਝ ਨਾ ਕੁੱਝ ਤੱਥ ਉਨ੍ਹਾਂ ਨੂੰ ਜ਼ਰੂਰ ਪ੍ਰਦਾਨ ਕਰੋ।

ਉਨ੍ਹਾਂ ਨੂੰ ਸ਼ਾਮਲ ਕਰੋ। ਸ੍ਰੀ ਕਰਲੈਂਡਰ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਕੇਵਲ ਇਹੋ ਨਾ ਦੱਸੋ ਕਿ ਤੁਸੀਂ ਆਪਣੇ ਧਨ ਨਾਲ ਕੀ ਕਰ ਰਹੇ ਹੋ। ‘‘ਫ਼ੈਸਲੇ ਲੈਣ ਵਿੱਚ ਵੀ ਉਨ੍ਹਾਂ ਨੂੰ ਸਰਗਰਮੀ ਨਾਲ ਸ਼ਾਮਲ ਕਰੋ।’’ ਕੋਈ ਪਰਿਵਾਰਕ ਚੈਰਿਟੀ ਮਿਲ ਕੇ ਚੁਣੋ। ਅਗਲੇ ਪਰਿਵਾਰਕ ਕੰਪਿਊਟਰ ਲਈ ਵਧੀਆ ਵਿਕਲਪਾਂ ਤੇ ਕੀਮਤਾਂ ਬਾਰੇ ਖੋਜ ਕਰਨ ਦਾ ਕੰਮ ਆਪਣੇ ਗਭਰੂਆਂ ਹਵਾਲੇ ਕਰੋ।

ਲੀਬਰ ਨੇ ਕਿਹਾ ਕਿ ਵੱਡੀ ਉਮਰ ਦੇ ਗਭਰੂ ਬੱਚਿਆਂ ਨੂੰ ਕੋਈ ਕੰਮ ਕਰਨਾ ਚਾਹੀਦਾ ਹੈ – ਤਰਜੀਹੀ ਤੌਰ ਉਤੇ ਸੇਵਾ ਉਦਯੋਗ ਵਿੱਚ,‘‘ਕਿਉਂਕਿ ਇੰਝ ਕਰਨ ਨਾਲ ਵਿਅਕਤੀ ਸਨਿਮਰ ਬਣਦਾ ਹੈ; ਉਨ੍ਹਾਂ ਵਿੱਚ ਇੱਕ ਟੀਮ ਦੇ ਹਿੱਸੇ ਵਜੋਂ ਕੰਮ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ, ਖ਼ਾਸ ਕਰ ਕੇ ਅਜਿਹੇ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ, ਜਿਨ੍ਹਾਂ ਨਾਲ ਤੁਹਾਡਾ ਉਂਝ ਕਦੇ ਸਾਹਮਣਾ ਵੀ ਨਹੀਂ ਹੋ ਸਕਦਾ।’’

ਅਤੇ ਇਹ ਯਕੀਨੀ ਬਣਾਓ ਕਿ ਬੱਚੇ ਆਪਣੇ ਯੂਨੀਵਰਸਿਟੀ ਦੇ ਕੁੱਝ ਖ਼ਰਚੇ ਅਦਾ ਕਰਨ ਲਈ ਜ਼ਿੰਮੇਵਾਰ ਹੋਣ। ਉਨ੍ਹਾਂ ਦੱਸਿਆ,‘‘ਪੜ੍ਹਾਈ ਕਰਦੇ ਸਮੇਂ 18 ਸਾਲ ਦੇ ਗਭਰੂ ਨੂੰ ਇੰਨੀ ਕੁ ਜ਼ਿੰਮੇਵਾਰੀ ਦਾ ਅਹਿਸਾਸ ਤਾਂ ਜ਼ਰੂਰ ਹੋਣਾ ਚਾਹੀਦਾ ਹੈ ਕਿ ਤਾਂ ਜੋ ਉਹ ਇਸ ਨੂੰ ਗੰਭੀਰਤਾ ਨਾਲ ਲੈਣ।’’