ਐਸਟੇਟ (ਮਿਲਖ) ਯੋਜਨਾਬੰਦੀ ਦੀ ਸਫ਼ਲਤਾ ਲਈ 5 ਕਦਮ

By ਈਲੇਨ ਬਲੇਡਜ਼ | February 14, 2014 | Last updated on February 14, 2014
1 min read

ਕੀ ਤੁਹਾਡੀ ਵਸੀਅਤ ਪੁਰਾਣੀ ਵਿਖਾਈ ਦੇ ਰਹੀ ਹੈ? ਤੁਸੀਂ ਇਕੱਲੇ ਨਹੀਂ ਹੋ।

ਅੱਧੇ ਤੋਂ ਵੱਧ ਕੈਨੇਡੀਅਨਾਂ ਦੀਆਂ ਵਸੀਅਤਾਂ ਅਪ-ਟੂ-ਡੇਟ ਨਹੀਂ ਹਨ ਅਤੇ ‘ਲਾਅ-ਪ੍ਰੋਅ’(LawPro) ਸਰਵੇਖਣ ਅਨੁਸਾਰ ਲਗਭਗ ਦੋ-ਤਿਹਾਈ ਨੇ ਮੁਖ਼ਤਿਆਰਨਾਮੇ (ਪਾਵਰਜ਼ ਆਫ਼ ਅਟਾਰਨੀ) ਵੀ ਤਿਆਰ ਨਹੀਂ ਕੀਤੇ ਹੋਏ। ਪਰ ਬਹੁਤੇ ਇਹ ਗੱਲ ਮੰਨਦੇ ਹਨ ਕਿ ਇਹ ਮਹੱਤਵਪੂਰਣ ਦਸਤਾਵੇਜ਼ ਉਨ੍ਹਾਂ ਕੋਲ ਹੋਣੇ ਚਾਹੀਦੇ ਹਨ।

ਵਾਜਬ ਤਰੀਕੇ ਲਿਖੀ ਹੋਈ ਵਸੀਅਤ ਤੁਹਾਡੀ ਐਸਟੇਟ-ਯੋਜਨਾ ਦਾ ਕੇਂਦਰ-ਬਿੰਦੂ ਹੁੰਦੀ ਹੈ। ‘‘ਇੰਟੇਸਟੇਟ’’ (ਬਿਨਾਂ ਵੈਧ ਵਸੀਅਤ ਦੇ) ਦੇਹਾਂਤ ਹੋਣ ਦਾ ਅਰਥ ਹੈ:

 • ਤੁਹਾਡੀਆਂ ਸੰਪਤੀਆਂ ਨੂੰ ਕਾਨੰਨ ਵਿੱਚ ਦਰਜ ਫ਼ਾਰਮੂਲੇ ਅਨੁਸਾਰ ਵੰਡ ਦਿੱਤਾ ਜਾਵੇਗਾ, ਅਤੇ ਉਸ ਦੌਰਾਨ ਤੁਹਾਡੀਆਂ ਨਿਜੀ ਇੱਛਾਵਾਂ ਨੂੰ ਵਿਚਾਰਿਆ ਨਹੀਂ ਜਾਵੇਗਾ;
 • ਤੁਸੀਂ ਆਮਦਨ ਟੈਕਸ ਦਾ ਕੋਈ ਲਾਭ ਲੈਣ ਦੇ ਯੋਗ ਨਹੀਂ ਹੋਵੋਗੇ ਅਤੇ ਤੁਹਾਨੂੰ ਇਸ ਨੂੰ ਵੈਧ ਰੂਪ ਦੇਣ (probate) ਦੇ ਮੌਕੇ ਨਹੀਂ ਮਿਲਣਗੇ, ਭਾਵ ਤੁਹਾਡੇ ਪਰਿਵਾਰ ਨੂੰ ਘੱਟ ਸੰਪਤੀ (ਐਸਟੇਟ) ਮਿਲੇਗੀ;
 • ਕਿਸੇ ਵਿਸ਼ੇਸ਼ ਜ਼ਰੂਰਤ ਵਾਲੇ ਲਾਭਪਾਤਰੀਆਂ ਲਈ ਤੁਸੀਂ ‘ਟੈਸਟਾਮੈਂਟਰੀ’ ਟਰੱਸਟ (ਕਿਸੇ ਵਸੀਅਤ ਅਧੀਨ ਕਾਇਮ ਕੀਤਾ ਜਾਣ ਵਾਲਾ ਟਰੱਸਟ, ਜੋ ਗ੍ਰਾਂਟਰ ਦੇ ਦੇਹਾਂਤ ਪਿੱਛੋਂ ਸਰਗਰਮ ਹੁੰਦਾ ਹੈ) ਕਾਇਮ ਨਹੀਂ ਕਰ ਸਕੋਗੇ, ਜਾਂ ਨਾਬਾਲਗ਼ ਬੱਚਿਆਂ ਲਈ ਸਰਪ੍ਰਸਤ ਨਿਯੁਕਤ ਨਹੀਂ ਕਰ ਸਕੋਗੇ ਅਤੇ ਨਾ ਹੀ ਵਸੀਅਤ ਦੇ ਆਧਾਰ ਉਤੇ ਕੋਈ ਚੈਰਿਟੇਬਲ (ਖ਼ੈਰਾਤੀ) ਤੋਹਫ਼ੇ ਹੀ ਦੇ ਸਕੋਗੇ;
 • ਤੁਹਾਡਾ ਐਸਟੇਟ ਪ੍ਰਸ਼ਾਸਨ ਲੰਮੇਰਾ ਹੋਣ ਦੀ ਸੰਭਾਵਨਾ ਹੋ ਜਾਵੇਗੀ ਤੇ ਲਾਗਤਾਂ ਵਧਣਗੀਆਂ; ਅਤੇ ਤੁਸੀਂ ਆਪਣੀ ਐਸਟੇਟ ਦਾ ਪ੍ਰਸ਼ਾਸਨ ਸੰਭਾਲ ਰਹੇ ਵਿਅਕਤੀ ਨੂੰ ਕੁੱਝ ਨਹੀਂ ਆਖ ਸਕੋਗੇ।

ਇਸ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ, ਅਤੇ ਆਪਣੀ ਵਸੀਅਤ ਦੀ ਹਰੇਕ ਤਿੰਨ ਜਾਂ ਪੰਜ ਸਾਲਾਂ ਬਾਅਦ ਸਮੀਖਿਆ ਕਰੋ, ਜਾਂ ਜੇ ਤੁਹਾਡੀ ਵਿੱਤੀ ਸਥਿਤੀ ਬਦਲ ਜਾਂਦੀ ਹੈ।

ਕਦਮ 1: ਸੰਪਤੀਆਂ ਤੇ ਦੇਣਦਾਰੀਆਂ ਦੀ ਸ਼ਨਾਖ਼ਤ ਕਰੋ

ਸੰਪਤੀਆਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ: ਨਿਵੇਸ਼ (ਸਟਾੱਕਸ, ਬਾਂਡਜ਼, ਮਿਊਚੁਅਲ ਫ਼ੰਡਜ਼, ਬੈਂਕ ਖਾਤੇ); ਸੇਵਾ-ਮੁਕਤੀ ਯੋਜਨਾਵਾਂ, ਆਰ.ਆਰ.ਐਸ.ਪੀਜ਼, ਆਰ.ਆਰ.ਆਈ.ਐਫ਼ਸ, ਪੈਨਸ਼ਨਾਂ ਤੇ ਐਨੂਇਟੀਜ਼ (ਕਿਸੇ ਪੂੰਜੀ ਨਿਵੇਸ਼ ਜਾਂ ਨਿਯਮਤ ਕਿਸ਼ਤਾਂ ਰਾਹੀਂ ਭਰੀ ਰਕਮ ਤੋਂ ਹੋਣ ਵਾਲੀ ਆਮਦਨ); ਨਿਜੀ ਸੰਪਤੀ (ਗਹਿਣੇ, ਕਾਰਾਂ, ਆਰਟਵਰਕ ਅਤੇ ਕੋਈ ਪ੍ਰਾਚੀਨ ਵਸਤਾਂ); ਰੀਅਲ ਐਸਟੇਟ; ਬੀਮਾ ਪਾਲਿਸੀਜ਼; ਅਤੇ ਵਪਾਰਕ ਹਿਤ।

ਕੇਵਲ ਇਸੇ ਗੱਲ ਉਤੇ ਵਿਚਾਰ ਨਾ ਕਰੋ ਕਿ ਤੁਹਾਡੇ ਕੋਲ ਕੀ-ਕੁੱਝ ਹੈ, ਪਰ ਇਹ ਵੀ ਕਿ ਕਿਵੇਂ ਹੈ। ਤੁਹਾਡੀਆਂ ਜਿਹੜੀਆਂ ਸੰਪਤੀਆਂ ‘ਸਰਵਾਇਵਰਸ਼ਿਪ ਦੇ ਅਧਿਕਾਰ’ ਵਾਲੀਆਂ ਭਾਵ ਸਾਂਝੀਆਂ ਹਨ, ਉਨ੍ਹਾਂ ਨਾਲ, ਦੇਹਾਂਤ ਹੋਣ ਦੀ ਹਾਲਤ ਵਿੱਚ ਉਨ੍ਹਾਂ ਸੰਪਤੀਆਂ ਦੇ ਮੁਕਾਬਲੇ ਵੱਖਰੇ ਢੰਗ ਨਾਲ ਵਿਵਹਾਰ ਕੀਤਾ ਜਾਵੇਗਾ, ਜਿਹੜੀਆਂ ਕੇਵਲ ਤੁਹਾਡੇ ਆਪਣੇ ਨਾਂਅ ਉਤੇ ਹਨ। ਸੰਪਤੀਆਂ, ਜਿਵੇਂ ਕਿ ਆਰ.ਆਰ.ਐਸ.ਪੀਜ਼/ਆਰ.ਆਰ.ਆਈ.ਐਫ਼ਸ ਦੇ ਮਨੋਨੀਤ ਲਾਭਪਾਤਰੀ ਨੋਟ ਕਰੋ।

ਕਦਮ 2: ਫ਼ੈਸਲਾ ਕਰੋ ਕਿ ਸੰਪਤੀਆਂ ਕਿਵੇਂ ਵੰਡਣੀਆਂ ਹਨ

ਫ਼ੈਸਲਾ ਕਰੋ ਕਿ ਕਿਸ ਨੂੰ ਕੀ ਮਿਲਣਾ ਹੈ, ਪਰ ਅਜਿਹੀ ਸੰਭਾਵਨਾ ਲਈ ਵੀ ਯੋਜਨਾ ਬਣਾਓ ਕਿ ਤੁਹਾਡੇ ਕਰਨ ਤੋਂ ਪਹਿਲਾਂ ਕਿਸੇ ਲਾਭਪਾਤਰੀ ਦਾ ਦੇਹਾਂਤ ਹੋ ਸਕਦਾ ਹੈ। ਉਸ ਹਾਲਤ ਵਿੱਚ ਸੰਪਤੀ ਦਾ ਉਹ ਹਿੱਸਾ ਕਿੱਥੇ ਜਾਵੇਗਾ? ਯਥਾਰਥਕ ਵੀ ਬਣੋ ਅਤੇ ਆਪਣੀ ਐਸਟੇਟ ਉਤੇ ਕਿਸੇ ਤਰ੍ਹਾਂ ਦੀਆਂ ਰੋਕਾਂ ਜਿਵੇਂ ਕਿ ਤੁਹਾਡੀਆਂ ਕੋਈ ਠੇਕਾ-ਆਧਾਰਤ (ਕੰਟਰੈਕਚੁਅਲ) ਜ਼ਿੰਮੇਵਾਰੀਆਂ ਅਤੇ ਆਪਣੇ ਜੀਵਨ ਸਾਥੀ ਜਾਂ ਆਸ਼ਰਿਤਾਂ ਦੇ ਅਧਿਕਾਰਾਂ ਬਾਰੇ ਵੀ ਵਿਚਾਰ ਕਰੋ।

ਕਦਮ 3: ਦੌਲਤ ਟ੍ਰਾਂਸਫ਼ਰ ਕਰਨ ਲਈ ਬਿਹਤਰੀਨ ਯੋਜਨਾ ਨਿਰਧਾਰਤ ਕਰੋ

ਕੀ ਤੁਹਾਡੀਆਂ ਸੰਪਤੀਆਂ ਸਿੱਧੀਆਂ ਜਾਂ ਕਿ ਕਿਸੇ ਟਰੱਸਟ ਰਾਹੀਂ ਟ੍ਰਾਂਸਫ਼ਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ? ਵਸੀਅਤ ਅਧੀਨ ਇੱਕ ਟਰੱਸਟ-ਵੰਡ ਤਰਜੀਹਯੋਗ ਹੋ ਸਕੇਗੀ, ਜਦੋਂ ਤੁਹਾਡੇ/ਤੁਸੀਂ:

 • ਨਾਬਾਲਗ਼ ਬੱਚੇ ਜਾਂ ਪੋਤਰੇ/ਪੋਤਰੀਆਂ ਜਾਂ ਦੋਹਤਰੇ/ਦੋਹਤਰੀਆਂ ਅਤੇ/ਜਾਂ ਵਿਸ਼ੇਸ਼ ਜ਼ਰੂਰਤਾਂ ਵਾਲੇ ਲਾਭਪਾਤਰੀ ਹੋ ਸਕਦੇ ਹਨ;
 • ਤੁਹਾਡੀਆਂ ਕੋਈਆਂ ਅਜਿਹੀਆਂ ਸੰਪਤੀਆਂ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਸੰਭਾਲ ਕੇ ਰੱਖਣਾ ਚਾਹੋ ਤੇ ਪੀੜ੍ਹੀ-ਦਰ-ਪੀੜ੍ਹੀ ਟ੍ਰਾਂਸਫ਼ਰ ਕਰਨਾ ਚਾਹੋ;
 • ਕੋਈ ਚੈਰਿਟੇਬਲ ਵਿਰਸਾ ਛੱਡਣਾ ਚਾਹੁੰਦੇ ਹੋ; ਅਤੇ/ਜਾਂ
 • ਕਿਸੇ ਸੰਯੁਕਤ ਪਰਿਵਾਰ ਵਿੱਚ ਰਹਿੰਦੇ ਹੋ।

ਨਾਲ ਹੀ, ਲਾਭਪਾਤਰੀ ਦੇ ਅਹੁਦੇ ਤੇ ‘ਇੰਟਰ ਵਾਇਵੋਜ਼ ਟਰੱਸਟਸ’ ਦੇ ਲਾਭਾਂ ਦੀ ਪੁਣਛਾਣ ਵੀ ਕਰੋ।

ਕਦਮ 4: ਸਹੀ ਲੋਕ ਚੁਣੋ

ਤੁਹਾਨੂੰ ਇਹ ਸਭ ਕੁੱਝ ਕਰਨ ਵਾਲੇ ਵਿਅਕਤੀ ਭਾਵ ਕਾਰਜਕਾਰੀ, ਟਰੱਸਟੀ, ਅਟਾਰਨੀ ਤੇ ਨਾਬਾਲਗ਼ ਬੱਚਿਆਂ ਲਈ ਕਿਸੇ ਸੰਭਾਵੀ ਸਰਪ੍ਰਸਤ ਦੀ ਜ਼ਰੂਰਤ ਹੋਵੇਗੀ।

ਤੁਹਾਡਾ ਕਾਰਜਕਾਰੀ ਤੁਹਾਡੀ ਐਸਟੇਟ ਦਾ ਪ੍ਰਸ਼ਾਸਨ ਸੰਭਾਲਦਾ ਹੈ। ਤੁਹਾਡਾ ਟਰੱਸਟੀ ਉਨ੍ਹਾਂ ਟਰੱਸਟਸ ਦਾ ਪ੍ਰਬੰਧ ਵੇਖਦਾ ਹੈ, ਜੋ ਤੁਸੀਂ ਜਾਂ ਤੁਹਾਡੀ ਵਸੀਅਤ ਰਾਹੀਂ ਸਥਾਪਤ ਹੋਏ ਹਨ।

ਤੁਹਾਡੇ ਵੱਲੋਂ ਸਿਰਜੇ ਮੁਖਤਿਆਰਨਾਮੇ (ਪਾੱਵਰ ਆਫ਼ ਅਟਾਰਨੀ) ਦੇ ਦਸਤਾਵੇਜ਼ ਅਨੁਸਾਰ ਤੁਹਾਡਾ ਅਟਾਰਨੀ ਤੁਹਾਡੀ ਵਿੱਤੀ ਅਤੇ/ਜਾਂ ਨਿਜੀ ਦੇਖਭਾਲ ਕਰਦਾ ਹੈ। ਲੋਕਾਂ ਦੇ ਸਹੀ ਸਿਰਲੇਖ (ਟਾਈਟਲਜ਼) ਅਤੇ ਦਸਤਾਵੇਜ਼ਾਂ ਦੇ ਨਾਮ ਹਰੇਕ ਸੂਬੇ ਦੇ ਹਿਸਾਬ ਨਾਲ ਵੱਖੋ-ਵੱਖਰੇ ਹੋ ਸਕਦੇ ਹਨ।

ਜੇ ਤੁਹਾਡੀ ਐਸਟੇਟ ਜਾਂ ਪਰਿਵਾਰਕ ਵਿਵਸਥਾ ਆਮ ਨਾਲੋਂ ਵਧੇਰੇ ਗੁੰਝਲਦਾਰ ਹੈ, ਜਾਂ ਤੁਹਾਨੂੰ ਪਰਿਵਾਰ ਵਿੱਚ ਕਿਸੇ ਤਰ੍ਹਾਂ ਦਾ ਵਿਰੋਧ ਪੈਦਾ ਹੋਣ ਦਾ ਖ਼ਦਸ਼ਾ ਹੈ, ਤਾਂ ਪੇਸ਼ੇਵਰਾਨਾ (ਪ੍ਰੋਫ਼ੈਸ਼ਨਲ) ਕਾਰਪੋਰੇਟ ਟਰੱਸਟੀਜ਼ ਵਧੀਆ ਚੋਣ ਹੁੰਦੇ ਹਨ।

ਜਦੋਂ ਤੁਸੀਂ ਕੋਈ ਕਾਰਜਕਾਰੀ ਜਾਂ ਅਟਾਰਨੀ ਵਜੋਂ ਕਿਸੇ ਵਿਅਕਤੀ ਨੂੰ ਨਿਯੁਕਤ ਕਰਦੇ ਹੋ, ਤਾਂ ਉਸ ਦੇ ਵਿਕਲਪ ਦਾ ਨਾਂਅ ਵੀ ਲਿਖੋ ਕਿਉਂਕਿ ਕਿਸੇ ਹਾਲਤ ਵਿੱਚ ਹੋ ਸਕਦਾ ਹੈ ਕਿ ਉਹ ਕੰਮ ਕਰਨ ਦੇ ਅਯੋਗ ਹੋ ਜਾਵੇ ਜਾਂ ਕੰਮ ਕਰਨਾ ਹੀ ਨਾ ਚਾਹੇ।

ਨਾਬਾਲਗ਼ ਬੱਚਿਆਂ ਬਾਰੇ, ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਜੇ ਮਾਤਾ ਤੇ ਪਿਤਾ ਦੋਵਾਂ ਦਾ ਹੀ ਦੇਹਾਂਤ ਹੋ ਜਾਂਦਾ ਹੈ, ਤਾਂ ਉਨ੍ਹਾਂ ਦਾ ਸਰਪ੍ਰਸਤ ਜਾਂ ਟਿਊਟਰ ਕੋਣ ਹੋਵੇਗਾ। ਭਾਵੇਂ ਇਸ ਲਈ ਅਦਾਲਤੀ ਮਨਜ਼ੂਰੀ ਦੀ ਜ਼ਰੂਰਤ ਹੋਵੇਗੀ, ਪਰ ਵਸੀਅਤ ਦੁਆਰਾ ਕਿਸੇ ਨਿਯੁਕਤੀ ਦੀ ਆਮ ਤੌਰ ਉਤੇ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿਉਂਕਿ ਇਹ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਸਕਦੀ ਹੈ ਅਤੇ ਤੁਹਾਡੀਆਂ ਇੱਛਾਵਾਂ ਦਾ ਸਪੱਸ਼ਟ ਸੰਕੇਤ ਪ੍ਰਦਾਨ ਕਰਦੀ ਹੈ।

ਕਦਮ 5: ਆਪਣੀ ਯੋਜਨਾ ਨੂੰ ਦਸਤਾਵੇਜ਼ੀ ਸ਼ਕਲ ਦਿਓ

ਆਪਣੀ ਐਸਟੇਟ ਦੀ ਯੋਜਨਾਬੰਦੀ ਲਈ ਕਿਸੇ ਪ੍ਰੋਫ਼ੈਸ਼ਨਲ ਨਾਲ ਮੁਲਾਕਾਤ ਤੋਂ ਪਹਿਲਾਂ ਤੁਹਾਨੂੰ ਆਪਣੀਆਂ ਇਨ੍ਹਾਂ ਸੰਪਤੀਆਂ ਤੇ ਦੇਣਦਾਰੀਆਂ ਦੀ ਸਾਰੀ ਸੂਚੀ ਤਿਆਰ ਕਰ ਲੈਣੀ ਚਾਹੀਦੀ ਹੈ:

 • ਨਿਜੀ ਪਛਾਣ;
 • ਵਿਆਹ ਕੰਟਰੈਕਟਸ ਜਾਂ ਵੱਖ ਹੋਣ ਦੇ ਸਮਝੌਤੇ;
 • ਰੀਅਲ ਐਸਟੇਟ ਦਸਤਾਵੇਜ਼;
 • ਭਾਈਵਾਲੀ ਜਾਂ ਸ਼ੇਅਰ-ਹੋਲਡਰ ਸਮਝੌਤੇ ਅਤੇ ਹੋਰ ਨਿਜੀ ਕੰਪਨੀ ਦਸਤਾਵੇਜ਼ੀਕਰਣ;
 • ਹਾਲੀਆ ਟੈਕਸ ਰਿਟਰਨਜ਼; ਅਤੇ/ਜਾਂ ਤੁਹਾਡੀ ਚਾਲੂ ਵਸੀਅਤ ਤੇ ਮੁਖ਼ਤਿਆਰਨਾਮਾ (ਪਾਵਰ ਆਫ਼ ਅਟਾਰਨੀ)।

ਈਲੇਨ ਬਲੇਡਜ਼