ਇਹ ਯਕੀਨੀ ਬਣਾਓ ਕਿ ਤੁਹਾਡੀ ਵਸੀਅਤ ਬਿਲਕੁਲ ਸਪੱਸ਼ਟ ਹੋਵੇ

By ਈਲੇਨ ਬਲੇਡਜ਼ | May 28, 2014 | Last updated on May 28, 2014
1 min read

ਵਧੀਆ ਤਰੀਕੇ ਲਿਖੀ ਵਸੀਅਤ ਜੋ ਤੁਹਾਡੀਆਂ ਇੱਛਾਵਾਂ ਨੂੰ ਸਪੱਸ਼ਟਤਾ ਨਾਲ ਪ੍ਰਗਟਾਵੇ, ਜ਼ਰੂਰੀ ਹੈ।

ਜੇ ਤੁਹਾਡੀਆਂ ਕੋਈ ਲਿਖਤੀ ਹਦਾਇਤਾਂ ਹਨ, ਤਾਂ ਕਿਸੇ ਲਈ ਉਹ ਭੰਬਲਭੂਸਾ ਪੈਦਾ ਕਰ ਸਕਦੀਆਂ ਹਨ, ਉਹ ਤੁਹਾਡੇ ਤੋਂ ਕਿਸੇ ਸਪੱਸ਼ਟੀਕਰਣ ਲਈ ਨਹੀਂ ਪੁੱਛ ਸਕਦੇ। ਤਦ ਤੱਕ ਬਹੁਤ ਦੇਰੀ ਹੋ ਜਾਵੇਗੀ।

ਮੈਂ ਬਹੁਤ ਸਾਰੀਆਂ ਵਸੀਅਤਾਂ ਦੀ ਸਮੀਖਿਆ ਕਰਦਿਆਂ ਵੇਖਿਆ ਹੈ ਕਿ ਉਨ੍ਹਾਂ ਵਿੱਚ ਸਪੱਸ਼ਟ ਤੌਰ ਉਤੇ ਕੁੱਝ ਨਹੀਂ ਕਿਹਾ ਗਿਆ ਹੁੰਦਾ ਤੇ ਵਸੀਅਤਕਰਤਾ ਦੀ ਮਨਸ਼ਾ ਵੀ ਸਹੀ ਤਰੀਕੇ ਉਜਾਗਰ ਨਹੀਂ ਹੁੰਦੀ। ਉਦਾਹਰਣ ਵਜੋਂ, ਤੁਹਾਡੀ ਵਸੀਅਤ ਵਿੱਚ ਨਿਮਨਲਿਖਤ ਧਾਰਾ ਹੈ:

ਮੇਰੀ ਭੈਣ ਐਲਿਜ਼ਾਬੈਥ ਅਤੇ ਮੇਰੀ ਸਹੇਲੀ ਕੈਥਰੀਨ ਹਰੇਕ (each) ਨੂੰ 10 ਹਜ਼ਾਰ ਡਾਲਰ ਦਿੱਤੇ ਜਾਣੇ ਹਨ।

ਜੇ ਤੁਹਾਡੇ ਦੇਹਾਂਤ ਮੌਕੇ ਐਲਿਜ਼ਾਬੈਥ ਤੇ ਕੈਥਰੀਨ ਦੋਵੇਂ ਜਿਊਂਦੀਆਂ ਹਨ, ਤਾਂ ਦੋਵਾਂ ਨੂੰ 10-10 ਹਜ਼ਾਰ ਡਾਲਰ ਮਿਲਣਗੇ। ਜੇ ਐਲਿਜ਼ਾਬੈਥ ਦਾ ਦੇਹਾਂਤ ਤੁਹਾਡੇ ਸਾਹਮਣੇ ਹੋ ਜਾਂਦਾ ਹੈ, ਤਾਂ ਉਸ ਦੇ 10 ਹਜ਼ਾਰ ਡਾਲਰ ਉਸ ਦੇ ਜੀਵਨ ਸਾਥੀ ਨੂੰ ਮਿਲ ਜਾਣਗੇ। ਜੇ ਕੈਥਰੀਨ ਦਾ ਦੇਹਾਂਤ ਤੁਹਾਡੇ ਤੋਂ ਪਹਿਲਾਂ ਹੋ ਜਾਂਦਾ ਹੈ, ਤਾਂ ਉਸ ਦਾ ਹਿੱਸਾ ਖ਼ਤਮ ਹੋ ਜਾਵੇਗਾ ਤੇ ਉਹ ਤੁਹਾਡੀ ਬਾਕੀ ਦੀ ਜ਼ਮੀਨ-ਜਾਇਦਾਦ ਵਿੱਚ ਹੀ ਜੁੜ ਜਾਵੇਗਾ।

ਵਸੀਅਤ ਰਾਹੀਂ ਸੰਪਤੀ ਨੂੰ ਤੋਹਫ਼ੇ ਵਜੋਂ ਦੇਣ ਦੇ ਇਨ੍ਹਾਂ ਦੋ ਮਾਮਲਿਆਂ ਵਿੱਚ ਵੱਖੋ-ਵੱਖਰਾ ਵਿਵਹਾਰ ਕਿਉਂ ਹੈ? ਕਿਉਂਕਿ ਉਨਟਾਰੀਓ ਵਿੱਚ, ਜਿਹੜਾ ‘ਜਾਨਸ਼ੀਨੀ ਕਾਨੂੰਨ ਸੁਧਾਰ ਅਧਿਨਿਯਮ’ (the Succession Law Reform Act,) ਹੈ, ਉਸ ਵਿੱਚ ਇਹੋ ਲਿਖਿਆ ਹੈ। ਕੀ ਵਸੀਅਤਕਰਤਾ ਦੀ ਇਹੋ ਇੱਛਾ ਸੀ? ਹੋ ਵੀ ਸਕਦੀ ਹੈ। ਨਹੀਂ ਵੀ ਹੋ ਸਕਦੀ।

ਚੰਗੀ ਤਰ੍ਹਾਂ ਲਿਖੀ ਵਸੀਅਤ ਵਿੱਚ ਤੁਹਾਡੀਆਂ ਸਾਰੀਆਂ ਇੱਛਾਵਾਂ ਨੂੰ ਬਹੁਤ ਸਪੱਸ਼ਟ ਤਰੀਕੇ ਪ੍ਰਗਟ ਹੋਈਆਂ ਹੋਣੀਆਂ ਚਾਹੀਦੀਆਂ ਹਨ। ਇਸ ਮਾਮਲੇ ਵਿੱਚ, ਜੇ ਤੁਸੀਂ ਚਾਹੁੰਦੇ ਹੋ ਕਿ ਐਲਿਜ਼ਾਬੈਥ ਜਾਂ ਕੈਥਰੀਨ ਤੋਂ ਬਿਨਾਂ ਹੋਰ ਕਿਸੇ ਨੂੰ ਧਨ ਨਾ ਮਿਲੇ, ਤਾਂ ਇਹ ਧਾਰਾ ਇੰਝ ਲਿਖੀ ਹੋਣੀ ਚਾਹੀਦੀ ਹੈ:

10 ਹਜ਼ਾਰ ਡਾਲਰ ਮੇਰੀ ਭੈਣ ਐਲਿਜ਼ਾਬੈਥ ਨੂੰ ਦਿੱਤੇ ਜਾਣੇ ਹਨ, ਜੇ ਉਹ ਮੇਰੇ ਦੇਹਾਂਤ ਵੇਲੇ ਜਿਊਂਦੀ ਹੈ। 10 ਹਜ਼ਾਰ ਡਾਲਰ ਮੇਰੀ ਸਹੇਲੀ ਕੈਥਰੀਨ ਨੂੰ ਦਿੱਤੇ ਜਾਣੇ ਹਨ, ਜੇ ਉਹ ਮੇਰੇ ਦੇਹਾਂਤ ਮੌਕੇ ਜਿਊਂਦੀ ਹੈ।

ਜੇ ਤੁਸੀਂ ਚਾਹੁੰਦੇ ਹੋ ਕਿ ਧਨ ਕਿਸੇ ਹੋਰ ਨੂੰ ਮਿਲੇ, ਤਾਂ ਕੈਥਰੀਨ ਦਾ ਦੇਹਾਂਤ ਤੁਹਾਡੇ ਤੋਂ ਪਹਿਲਾਂ ਹੋ ਜਾਂਦਾ ਹੈ, ਤਾਂ ਇਹ ਇੰਝ ਲਿਖੀ ਜਾਣੀ ਚਾਹੀਦੀ ਹੈ:

10 ਹਜ਼ਾਰ ਡਾਲਰ ਮੇਰੀ ਭੈਣ ਐਲਿਜ਼ਾਬੈਥ ਨੂੰ ਦਿੱਤੇ ਜਾਣੇ ਹਨ, ਜੇ ਉਹ ਮੇਰੇ ਦੇਹਾਂਤ ਵੇਲੇ ਜਿਊਂਦੀ ਹੈ। 10 ਹਜ਼ਾਰ ਡਾਲਰ ਮੇਰੀ ਸਹੇਲੀ ਕੈਥਰੀਨ ਨੂੰ ਦਿੱਤੇ ਜਾਣੇ ਹਨ, ਜੇ ਉਹ ਮੇਰੇ ਦੇਹਾਂਤ ਮੌਕੇ ਜਿਊਂਦੀ ਹੈ। ਜੇ ਕੈਥਰੀਨ ਮੇਰੇ ਦੇਹਾਂਤ ਮੌਕੇ ਜਿਊਂਦੀ ਨਹੀਂ ਹੈ, ਤਾਂ 10 ਹਜ਼ਾਰ ਡਾਲਰ ਮੇਰੀ ਸਹੇਲੀ ਲੌਰਾ ਨੂੰ ਦਿੱਤੇ ਜਾਣਗੇ ਜੇ ਉਹ ਮੇਰੇ ਦੇਹਾਂਤ ਸਮੇਂ ਜਿਊਂਦੀ ਹੋਵੇਗੀ।

(ਜੇ ਮੁਢਲੀ ਧਾਰਾ ਵਿੱਚੋਂ ਸ਼ਬਦ ‘‘ਹਰੇਕ’’ (each) ਉਡਾ ਦਿੱਤਾ ਜਾਵੇ, ਤਾਂ ਅਸਲ ਇੱਛਾ ਦੇ ਮੁਕਾਬਲੇ ਹੋਰ ਵੀ ਵੱਡਾ ਭੰਬਲਭੂਸਾ ਪੈਦਾ ਹੋਵੇਗਾ। ਕੀ ਐਲਿਜ਼ਾਬੈਥ ਤੇ ਕੈਥਰੀਨ 10 ਹਜ਼ਾਰ ਡਾਲਰ ਵੰਡਣਗੀਆਂ ਜਾਂ ਕੀ ਦੋਵਾਂ ਨੂੰ 10-10 ਹਜ਼ਾਰ ਡਾਲਰ ਮਿਲਣਗੇ? ਉਸ ਹਾਲਤ ਵਿੱਚ ਕੀ ਹੋਵੇਗਾ ਜੇ ਵਸੀਅਤਕਰਤਾ ਦੇ ਦੇਹਾਂਤ ਵੇਲੇ ਕੇਵਲ ਇੱਕੋ ਜਣੀ ਜਿਊਂਦੀ ਹੈ? ਬਹੁਤ ਸਾਰੇ ਅਦਾਲਤੀ ਕੇਸ ਕਈ ਵਾਰ ਕੇਵਲ ਇੱਕੋ ਸ਼ਬਦ ਜਾਂ ਇੱਕੋ ਵਾਰ ਦੇ ਅਰਥ ਦੁਆਲੇ ਘੁੰਮਦੇ ਰਹਿੰਦੇ ਹਨ)।

ਚੰਗੀ ਤਰ੍ਹਾਂ ਲਿਖੀ ਗਈ ਵਸੀਅਤ ਪੂਰੀ ਤਰ੍ਹਾਂ ਸਪੱਸ਼ਟ ਹੁੰਦੀ ਹੈ, ਜੋ ਸਭ ਨੂੰ ਸਮਝ ਆਉਂਦੀ ਹੈ ਅਤੇ ਕਾਨੂੰਨ ਨੂੰ ਉਸ ਦੀ ਅਜਿਹੀ ਵਿਆਖਿਆ ਕਰਨ ਤੋਂ ਵੀ ਬਚਾਅ ਹੋ ਜਾਂਦਾ ਹੈ ਕਿ ਜਿਹੋ ਜਿਹੀ ਅਸਲ ਇੱਛਾ ਵਸੀਅਤਕਰਤਾ ਦੀ ਵੀ ਨਾ ਰਹੀ ਹੋਵੇ।

ਨਿਜੀ ਸੰਪਤੀ ਦੀ ਵਿਉਂਤ ਇੱਕ ਹੋਰ ਖੇਤਰ ਹੈ, ਜਿਸ ਬਾਰੇ ਆਮ ਵਸੀਅਤਾਂ ਵਿੱਚ ਸਪੱਸ਼ਟ ਨਹੀਂ ਕੀਤਾ ਗਿਆ ਹੁੰਦਾ।

ਜੇ ਤੁਸੀਂ ਚਾਹੁੰਦੇ ਸੀ ਕਿ ਮੌਜੂਦ ਭਤੀਜੀ ਤੇ ਭਤੀਜਾ ਨਿਜੀ ਸੰਪਤੀ ਦੀ ਕੋਈ ਵਿਸ਼ੇਸ਼ ਵਸਤੂ ਚੁਣਨ ਦੇ ਯੋਗ ਹੋਣ ਜਾਂ ਤੁਸੀਂ ਚਾਹੁੰਦੇ ਸੀ ਕਿ ਤੁਹਾਡੀ ਵੱਡੀ ਧੀ ਵੱਡਾ ਸਾਰਾ ਪਿਆਨੋ ਹਾਸਲ ਕਰ ਲਵੇ, ਪਰ ਉਸ ਕੇਵਲ ਉਸ ਹਾਲਤ ਵਿੱਚ ਜੇ ਉਹ ਪਿਆਨੋ ਭੇਜਣ ਦਾ ਖ਼ਰਚਾ ਅਦਾ ਕਰੇ, ਤਦ ਵਸੀਅਤ ਵਿੱਚ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਤਰੀਕੇ ਲਿਖੀ ਹੋਣੀ ਚਾਹੀਦੀ ਹੈ।

ਦੋ ਪੰਨਿਆਂ ਦੀ ਇੱਕ ਵਸੀਅਤ ਵਿੱਚ ਇਹ ਲਿਖਿਆ ਹੈ ਕਿ ‘‘ਮੇਰੀ ਜ਼ਮੀਨ-ਜਾਇਦਾਦ ਮੇਰੀਆਂ ਭਤੀਜੀਆਂ ਤੇ ਭਤੀਜਿਆਂ ਵਿਚਕਾਰ ਬਰਾਬਰ-ਬਰਾਬਰ ਵੰਡ ਦਿੱਤੀ ਜਾਵੇ’’ ਪਰ ਇਹ ਕਾਫ਼ੀ ਨਹੀਂ ਹੈ। ਜਿਸ ਧਾਰਾ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੋਵੇਗਾ ਕਿ ਕੀ ਲਾਭਪਾਤਰੀ ਨਿਜੀ ਸੰਪਤੀ ਸੌਂਪੇ ਜਾਣ ਦਾ ਖ਼ਰਚਾ ਝੱਲੇਗਾ/ਝੱਲੇਗੀ ਕਿ ਜਾਂ ਜ਼ਮੀਨ-ਜਾਇਦਾਦ (ਐਸਟੇਟ) ਵਿਚੋਂ ਹੀ ਉਹ ਖ਼ਰਚਾ ਕੱਟਿਆ ਜਾਵੇਗਾ; ਤਾਂ ਇਸ ਗੱਲ ਦਾ ਨਿਬੇੜਾ ਵੀ ਫਿਰ ਬਾਅਦ ’ਚ ਲਾਗੂ ਕਾਨੂੰਨ ਦੇ ਆਧਾਰ ਉਤੇ ਕਰਨਾ ਪਵੇਗਾ ਜੋ ਬਹੁਤ ਮਹਿੰਗਾ ਪੈ ਸਕਦਾ ਹੈ ਅਤੇ ਇਸ ਦੇ ਨਾਲ ਹੀ ਸਾਰੇ ਸਬੰਧਤ ਵਿਅਕਤੀਆਂ ਵਿੱਚ ਵੀ ਮੰਦ ਭਾਵਨਾਵਾਂ ਪੈਦਾ ਹੋਣਗੀਆਂ।

ਜਦੋਂ ਨਿਜੀ ਜਾਇਦਾਦ ਦੀ ਵਿਉਂਤ ਨਾਲ ਨਿਪਟਣਾ ਹੁੰਦਾ ਹੈ, ਤਾਂ ਤੁਹਾਡੇ ਕੋਲ ਵਿਕਲਪ ਹੁੰਦੇ ਹਨ। ਤੁਸੀਂ ਇਹ ਕਰ ਸਕਦੇ ਹੋ:

  • ਆਪਣੀ ਵਸੀਅਤ ਵਿੱਚ ਵਿਸ਼ੇਸ਼ ਵਸਤਾਂ ਦੇ ਵੇਰਵੇ ਦਿਓ (ਇਹ ਸੂਚੀ ਬਹੁਤ ਛੋਟੀ ਤੋਂ ਲੈ ਕੇ ਬਹੁਤ ਲੰਮੀ ਤੱਕ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ)
  • ਵੰਡ ਦੀ ਯੋਜਨਾ ਦੇ ਵੇਰਵੇ (ਉਦਾਹਰਣ ਵਜੋਂ ‘‘ਮੇਰੀ ਸਾਰੀ ਨਿਜੀ ਜਾਇਦਾਦ ਮੇਰੇ ਦੇਹਾਂਤ ਸਮੇਂ ਜਿਊਂਦੇ ਬੱਚਿਆਂ ਵਿੱਚ ਉਸੇ ਤਰੀਕੇ ਵੰਡ ਦਿੱਤੀ ਜਾਵੇ, ਜਿਵੇਂ ਉਹ ਸਹਿਮਤ ਹੋਣ, ਜਾਂ ਜੇ ਉਹ ਕਿਸੇ ਸਮਝੌਤੇ ਉਪਰ ਨਹੀਂ ਅੱਪੜਦੇ, ਤਾਂ ਫਿਰ ਮੇਰੇ ਟਰੱਸਟੀਜ਼ ਨੂੰ ਇਹ ਵੰਡ ਨਿਆਂਪੂਰਨ ਤਰੀਕੇ ਕਰਨ ਦਾ ਪੂਰਾ ਅਖ਼ਤਿਆਰ ਹੋਵੇਗਾ’’)
  • ਇੱਕ ਅਪੀਲ ਜਾਂ ਬੇਨਤੀ (precatory) (ਗ਼ੈਰ-ਬੰਧਨਕਾਰੀ) ਮੈਮੋਰੈਂਡਾ ਜਾਂ ਯਾਦ-ਪੱਤਰ ਤਿਆਰ ਕਰੋ, ਜਿਸ ਵਿੱਚ ਤੁਹਾਡੀਆਂ ਇੱਛਾਵਾਂ ਦੇ ਵੇਰਵੇ ਮੌਜੂਦ ਹੋਣ
  • ਬੰਧਨਕਾਰੀ ਮੈਮੋਰੈਂਡਾ ਜਾਂ ਯਾਦ-ਪੱਤਰ ਤਿਆਰ ਕਰੋ

ਬਹੁਤ ਸਾਰੀਆਂ ਜ਼ਮੀਨ-ਜਾਇਦਾਦਾਂ ਦੇ ਵਿਚਾਰ-ਵਟਾਂਦਰਿਆਂ ਤੋਂ ਇਹੋ ਸਿੱਟਾ ਨਿੱਕਲਦਾ ਹੈ ਕਿ ਕੋਈ ਵੀ ਇੱਕ ਸਹੀ ਰਾਹ ਨਹੀਂ ਹੈ। ਸਭ ਤੋਂ ਵਧੀਆ ਵਿਕਲਪ ਤੁਹਾਡੇ ਹਾਲਾਤ ਤੇ ਇੱਛਾਵਾਂ ਉਤੇ ਨਿਰਭਰ ਕਰਦਾ ਹੈ।

ਸਿੱਟਾ: ਇੱਕ ਸਸਤੀ, ਸਾਧਾਰਣ ਵਸੀਅਤ ਥੋੜ੍ਹੇ ਸਮੇਂ ਵਿੱਚ ਤੁਹਾਡਾ ਧਨ ਤਾਂ ਬਚਾ ਸਕਦੀ ਹੈ, ਪਰ ਹੋ ਸਕਦਾ ਹੈ ਕਿ ਅਜਿਹੀ ਬੱਚਤ ਤੁਹਾਡੀਆਂ ਇੱਛਾਵਾਂ ਨੂੰ ਸਹੀ ਤਰੀਕੇ ਪ੍ਰਗਟ ਨਾ ਕਰੇ ਜਾਂ ਬਾਅਦ ’ਚ ਬਹੁਤ ਜ਼ਿਆਦਾ ਖ਼ਰਚਾ ਕਰਨਾ ਪਵੇ ਤੇ ਭਵਿੱਖ ਵਿੱਚ ਮੰਦ ਭਾਵਨਾਵਾਂ ਪੈਦਾ ਹੋਣ।

ਈਲੇਨ ਬਲੇਡਜ਼