ਸਮਝਣਾ ਕਿ ਵਿਆਜ ਦੀਆਂ ਦਰਾਂ ਘੱਟ ਕਿਉਂ ਹਨ

By ਸਟਾਫ਼ | April 28, 2015 | Last updated on April 28, 2015
1 min read

ਤਦ ਹੁਣ ਵਿਆਜ ਦੀਆਂ ਦਰਾਂ ਇੰਨੀਆਂ ਘੱਟ ਕਿਉਂ ਹਨ? ਬਰੁੱਕਿੰਗ ਇੰਸਟੀਚਿਊਸ਼ਨ ’ਚ ਇਕਨੌਮਿਕ ਸਟੱਡੀਜ਼ ਪ੍ਰੋਗਰਾਮ ਦੇ ਵਿਲੱਖਣ ਫ਼ੈਲੋ ਬੇਨ ਬਰਨਾਨਕੇ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਦਰਾਂ ਇੰਨੀਆਂ ਘੱਟ ਰੱਖਣ ਦਾ ਦੋਸ਼ ਸਰਕਾਰ ਉਤੇ ਧਰਦੇ ਹਨ।

ਪਰ ‘ਫ਼ੈਡਰਲ ਰਿਜ਼ਰਵ’ ਦੇ ਸਾਬਕਾ ਚੇਅਰਮੈਨ ਦਾ ਕਹਿਣਾ ਹੈ ਕਿ ਦਰਅਸਲ, ਇਹ ਅਰਥ ਵਿਵਸਥਾ ਦੀ ਸਥਿਤੀ ਹੈ, ਜੋ ਦਰਾਂ ਦਾ ਆਧਾਰ ਹੈ। ‘‘ਇਸ ਤੋਂ ਇਹ ਸਮਝਣ ਵਿੱਚ ਮਦਦ ਮਿਲਦੀ ਹੈ ਕਿ ਅਸਲ ਵਿਆਜ ਦਰਾਂ ਕੇਵਲ ਅਮਰੀਕਾ (ਅਤੇ ਕੈਨੇਡਾ) ਵਿੱਚ ਹੀ ਨਹੀਂ, ਸਗੋਂ ਸਮੁੱਚੇ ਉਦਯੋਕ੍ਰਿਤ ਵਿਸ਼ਵ ਵਿੱਚ ਘੱਟ ਕਿਉਂ ਹਨ।’’

ਅਜੋਕੇ ਘੱਟ ਦਰ ਵਾਲੇ ਮਾਹੌਲ ਲਈ ਬਰਨਾਨਕੇ ਤਿੰਨ ਆਰਥਿਕ ਕਾਰਣ ਵਰਣਨ ਕਰਦੇ ਹਨ। ਆਓ ਉਨ੍ਹਾਂ ਉਤੇ ਝਾਤ ਪਾਈਏ।

1. ਧਰਮ ਨਿਰਪੱਖ ਖੜੋਤ

ਅਰਥ ਸ਼ਾਸਤਰੀ ਐਲਵਿਨ ਹੈਨਸਨ ਨੇ 1938 ਵਿੱਚ ਇੱਕ ਮੱਦ ਸਿਰਜੀ ਸੀ, ਧਰਮ ਨਿਰਪੱਖ ਖੜੋਤ। ਇਸ ਅਨੁਸਾਰ ਬੇਦਿਲੀ ਨਾਲ ਕੀਤੇ ਨਿਵੇਸ਼ ਖ਼ਰਚ ਅਤੇ ਘਟਾਈ ਗਈ ਪਰਿਵਾਰਕ ਖਪਤ ਨਾਲ ਕਈ ਸਾਲਾਂ ਤੱਕ ਮੁਕੰਮਲ ਰੋਜ਼ਗਾਰ ਨਹੀਂ ਮਿਲਦਾ।

ਕੁੱਝ ਜਾਣੀ-ਪਛਾਣੀ ਜਿਹੀ ਗੱਲ ਲਗਦੀ ਹੈ? ਲੱਗਣੀ ਵੀ ਚਾਹੀਦੀ ਹੈ, ਕਿਉਂਕਿ ਅਸੀਂ ਇਸ ਵੇਲੇ ਧਰਮ-ਨਿਰਪੱਖ ਖੜੋਤ ਦੇ ਸਮੇਂ ਵਿੱਚ ਹੀ ਹਾਂ, ਜਿਸ ਵਿੱਚ ਅਰਥ ਵਿਵਸਥਾ ਦੀ ਰਫ਼ਤਾਰ ਘਟ ਰਹੀ ਹੈ ਅਤੇ ਲੋਕਾਂ ਨੂੰ ਰੋਜ਼ਗਾਰ ਲੱਭਣ ਵਿੱਚ ਸਮੱਸਿਆਵਾਂ ਪੇਸ਼ ਆ ਰਹੀਆਂ ਹਨ।

ਇਸੇ ਲਈ, ਅਰਥ ਵਿਵਸਥਾ ਨੂੰ ਹੱਲਾਸ਼ੇਰੀ ਦੇਣ ਲਈ, ਫ਼ੈਡਰਲ ਰਿਜ਼ਰਵ ਤੇ ਬੈਂਕ ਆੱਫ਼ ਕੈਨੇਡਾ ਵੱਲੋਂ ਵਿਆਜ ਦਰਾਂ ਘੱਟ ਰੱਖੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਆਸ ਹੈ ਕਿ ਖਪਤਕਾਰ ਤੇ ਕਾਰੋਬਾਰੀ ਅਦਾਰੇ ਧਨ ਉਧਾਰ ਲੈਣਗੇ ਜੇ ਵਿਆਜ ਦਰਾਂ, ਉਦਾਹਰਣ ਵਜੋਂ ਕਰਜ਼ੇ ਲਈ, ਘੱਟ ਰੱਖੀਆਂ ਜਾਣਗੀਆਂ। ਤਦ ਉਹ ਉਨ੍ਹਾਂ ਫ਼ੰਡਾਂ ਦੀ ਵਰਤੋਂ ਕਿਤੇ ਨਿਵੇਸ਼ ਕਰਨ, ਵਸਤਾਂ ਖ਼ਰੀਦਣ ਜਾਂ ਹੋਰ ਲੋਕਾਂ ਨੂੰ ਰੋਜ਼ਗਾਰ ਉਤੇ ਰੱਖਣ ਜਾਂ ਉਨ੍ਹਾਂ ਦੀਆਂ ਸੇਵਾਵਾਂ ਲੈਣ ਲਈ ਕਰਨਗੇ।

2. ਵਿਸ਼ਵ ਪੱਧਰੀ ਬੱਚਤਾਂ ਦੀ ਬਹੁਤਾਤ

ਇਹ ਸਿਧਾਂਤ ਇਹ ਮੰਨਦਾ ਹੈ ਕਿ ਸਮੁੱਚੇ ਵਿਸ਼ਵ ਵਿੱਚ, ਇੱਛਤ ਨਿਵੇਸ਼ ਦੇ ਮੁਕਾਬਲੇ ਇੱਛਤ ਬੱਚਤ ਵਧੇਰੇ ਹੈ। ਬਰਨਾਨਕੇ ਦਾ ਕਹਿਣਾ ਹੈ ਕਿ ਬੱਚਤਾਂ ਇਸ ਲਈ ਵੱਧ ਹੋ ਰਹੀਆਂ ਹਨ ਕਿਉਂਕਿ ਇਹ ਬੱਚਤਾਂ ‘ਚੀਨ ਤੇ ਏਸ਼ੀਆ ਦੀਆਂ ਹੋਰ ਉਭਰ ਰਹੀਆਂ ਬਾਜ਼ਾਰ ਅਰਥ ਵਿਵਸਥਾਵਾਂ ਤੇ ਸਊਦੀ ਅਰਬ ਜਿਹੇ ਤੇਲ ਉਤਪਾਦਕ ਦੇਸ਼ਾਂ’ ਵਿੱਚ ਹੋ ਰਹੀਆਂ ਹਨ।

ਇਸ ਵੇਲੇ, ਚੀਨ ਤੇ ਸਊਦੀ ਅਰਬ ਜਿਹੇ ਦੇਸ਼ਾਂ ਦੀਆਂ ਦਰਾਮਦਾਂ (ਇੰਪੋਰਟਸ) ਨਾਲੋਂ ਬਰਾਮਦਾਂ (ਐਕਸਪੋਰਟਸ) ਵੱਧ ਹਨ, ਜਦ ਕਿ ਅਮਰੀਕਾ ਬਰਾਮਦਾਂ ਨਾਲੋਂ ਦਰਾਮਦਾਂ ਵਧੇਰੇ ਕਰਦਾ ਹੈ। ਇਸ ਨਾਲ ਵਿਸ਼ਵ ਅਰਥ ਵਿਵਸਥਾਵਾਂ ਵਿਚਾਲੇ ਅਸੰਤੁਲਨ ਪੈਦਾ ਹੋ ਜਾਂਦਾ ਹੈ ਅਤੇ ਇਸ ਵੇਲੇ, ਸਮੁੱਚੇ ਵਿਸ਼ਵ ਵਿੱਚ ਦਰਾਮਦਾਂ ਦੇ ਮੁਕਾਬਲੇ ਬਰਾਮਦਾਂ ਵਧੇਰੇ ਹਨ।

ਫਿਰ ਕੀ?

ਵਿਸ਼ਵ ਪੱਧਰ ਦੇ ਕੇਂਦਰੀ ਬੈਂਕ ਵਧੇਰੇ ਸੰਤੁਲਨ ਚਾਹੁੰਦੇ ਹਨ। ਇਸ ਲਈ, ਉਹ ਵਿਆਜ ਦਰਾਂ ਘੱਟ ਰੱਖ ਕੇ ਹੋਰ ਦੇਸ਼ਾਂ ਨੂੰ ਆਪਣੀਆਂ ਵਾਧੂ ਬੱਚਤਾਂ ਖ਼ਰਚ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ।

ਇੱਥੇ ਇੱਕ ਖ਼ੁਸ਼ਖ਼ਬਰੀ ਹੈ: ਚੀਨ ਆਪਣੀਆਂ ਬਰਾਮਦਾਂ ਘਟਾ ਕੇ ਆਪਣੀ ਅਰਥ ਵਿਵਸਥਾ ਵਿੱਚ ਹੀ ਧਨ ਨਿਵੇਸ਼ ਕਰਨਾ ਸ਼ੁਰੂ ਕਰ ਰਿਹਾ ਹੈ। ਇਸੇ ਤਰ੍ਹਾਂ ਸਊਦੀ ਅਰਬ ਜਿਹੜਾ ਤੇਲ ਬਰਾਮਦ ਕਰ ਰਿਹਾ ਹੈ, ਤੇਲ ਕੀਮਤਾਂ ਘੱਟ ਹੋਣ ਕਾਰਣ ਉਸ ਦੇਸ਼ ਨੂੰ ਮਿਲਣ ਵਾਲੀ ਡਾਲਰ-ਰਾਸ਼ੀ ਵੀ ਘਟ ਰਹੀ ਹੈ। ਇਸੇ ਲਈ, ਬਰਨਾਨਕੇ ਦਾ ਕਹਿਣਾ ਹੈ ਕਿ ਵਿਸ਼ਵ ਪੱਧਰ ਦੀਆਂ ਅਰਥ ਵਿਵਸਥਾਵਾਂ ਛੇਤੀ ਹੀ ਬੱਚਤਾਂ ਘੱਟ ਕਰਨ ਲੱਗ ਪੈਣਗੀਆਂ, ਜਿਸ ਕਰ ਕੇ ਭਵਿੱਖ ਵਿੱਚ ਵਿਆਜ ਦਰਾਂ ਵਧ ਜਾਣਗੀਆਂ।

3. ਮਿਆਦੀ ਪ੍ਰੀਮੀਅਮਜ਼

ਲੰਮੇਰੀ ਮਿਆਦ ਦੀਆਂ ਦਰਾਂ ਘੱਟ ਰਹੀਆਂ ਹਨ। ਬਰਨਾਨਕੇ ਅਨੁਸਾਰ ਲੰਮੇਰੀ ਮਿਆਦ ਦੀਆਂ ਦਰਾਂ ਦਾ ਵਿਵਹਾਰ ਸਮਝਣ ਲਈ, ਕਿਸੇ ਬਾਂਡ ਦੇ ਲਾਭਾਂ ਦੇ ਤੱਤਾਂ ਉਤੇ ਨਜ਼ਰ ਮਾਰੋ: ਨੋਟ ਪਸਾਰੇ ਦੀ ਸੰਭਾਵੀ ਦਰ (ਇਨਫ਼ਲੇਸ਼ਨ ਜਾਂ ਮੁਦਰਾ ਸਫ਼ੀਤੀ), ਅਸਲ ਥੋੜ੍ਹ-ਚਿਰੀਆਂ ਵਿਆਜ ਦਰਾਂ ਦਾ ਭਵਿੱਖ ਦਾ ਰਾਹ ਅਤੇ ਮਿਆਦੀ ਪ੍ਰੀਮੀਅਮ।

ਬਰਨਾਨਕੇ ਅਨੁਸਾਰ ਆਖ਼ਰੀ ਤੱਤ ਹੈ ‘‘ਵਾਧੂ ਮੁਨਾਫ਼ਾ ਜੋ ਰਿਣ-ਦਾਤੇ ਥੋੜ੍ਹੇ ਸਮੇਂ ਦੀਆਂ ਸਕਿਓਰਿਟੀਜ਼ ਦੀ ਲੜੀ ਵਿੱਚ ਧਨ ਨਿਵੇਸ਼ ਕਰਨ ਦੀ ਥਾਂ ਲੰਮੇ ਸਮੇਂ ਦੇ ਬਾਂਡ ਰੱਖਣ ਲਈ ਮੰਗਦੇ ਹਨ।’’

ਉਨ੍ਹਾਂ ਦਾ ਕਹਿਣਾ ਹੈ ਕਿ ਨੋਟ ਪਸਾਰੇ ਦੀ ਦਰ ਅਤੇ ਥੋੜ੍ਹ-ਚਿਰੀਆਂ ਦਰਾਂ ਦੋਵਾਂ ਦੇ ਹੀ ਘੱਟ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ, ਮਿਆਦੀ ਪ੍ਰੀਮੀਅਮਜ਼ ਦੀ ਘੱਟ ਦਰ, ਜੋ ਹਾਲ ਵਿੱਚ ਸਿਫ਼ਰ ਜਾਂ ਥੋੜ੍ਹੀਆਂ ਜਿਹੀਆਂ ਨੈਗੇਟਿਵ ਰਹੀ ਹੈ, ਦਾ ਅਰਥ ਵੀ ਇਹੋ ਹੈ ਕਿ ਵਿਆਜ ਦਰਾਂ ਛੇਤੀ ਹੀ ਉਪਰ ਨਹੀਂ ਜਾ ਰਹੀਆਂ।

ਸਟਾਫ਼